Thursday, November 10, 2011

ਵਿਅੰਗ- ਪੈਸੇ ਦੇ ਭਰਮ

ਕਦੇ-ਕਦੇ ਮੈਨੂੰ ਆਪਣੀ ਕਿਸਮਤ ਉੱਤੇ ਤਰਸ ਜਿਹਾ ਆ ਜਾਂਦਾ
ਜਦ ਕੋਈ ਚਿੱਗਤੀ ਮੈਨੂੰ ਗਰੀਬ ਕਹਿ ਕੇ ਬੁਲਾ ਜਾਂਦਾ,
ਹੁਣ ਕਿਸਮਤ ਨੂੰ ਕੀ ਦੋਸ਼ ਦਈਏ ਜਿਹੜੀ ਲਕੀਰਾਂ 'ਚ ਗਈ ਗੁੰਦੀ
ਪਰ ਗਰੀਬ ਤਾਂ ਮੈ ਸੁਣਿਆ ਕਹਿੰਦੇ ਗਧੀ ਵੀ ਨੀ ਹੁੰਦੀ....
ਨਾਲੇ ਲੋਕ ਆਪ ਹੀ ਤਾਂ ਕਹਿੰਦੇ ਨੇ
"ਆਖੇ ਪੈਸਾ ਤਾਂ ਜੀ ਹੱਥਾਂ ਦੀ ਮੈਲ ਆ"
ਇਹ ਤਾਂ ਹੁਣ ਪੈਸਾ ਹੀ ਜਾਣਦਾ ਏਹਨੇ ਕੀਹਦੇ ਕੋਠੇ ਤੇ ਪਾਉਣੀ ਪੈਲ ਆ,
ਆਪਾਂ ਤਾਂ ਜੀ ਐਨੀ ਘਾਲਣਾ ਹੀ ਘਾਲ ਸਕਦੇ ਆ
ਬਸ ਘਰੇ ਬੋਤਲ ਵਿੱਚ ਮਨੀ-ਪਲਾਂਟ ਪਾਲ ਸਕਦੇ ਆ,
ਕੰਧ ਵਿਚ ਮੇਖ ਗੱਡ ਕੇ ਬੋਤਲ ਨੂੰ ਕਿਸੇ ਉੱਚੀ ਜਹੀ ਜਗਾ ਟੰਗ ਦਵੋ
ਜਦੋ ਵੇਲ ਵੱਡੀ ਹੋਜਵੇ, ਫੇਰ ਕਿਸੇ ਸੂਤ ਦੀ ਰੱਸੀ ਨਾਲ ਬੰਨ ਦਵੋ,
ਹੁਣ ਇਹ ਪੈਸੇ ਦੀ ਮਰਜ਼ੀ ਆ
ਕਿ ਓਹ ਆਵੇ ਜਾਂ ਨਾ ਆਵੇ
ਪਰ ਘਰ ਦੀ ਕੋਈ ਸਿਆਣੀ ਬੁੜ੍ਹੀ
ਏਹਨੂੰ ਪਾਣੀ ਜਰੂਰ ਦਿਖਾਵੇ |

ਪੈਸੇ ਨੂੰ ਖਿੱਚਣ ਦਾ ਇੱਕ ਤਰੀਕਾ ਮੈਂ ਹੋਰ ਵੀ ਸੁਣਿਆ ਵਾ
ਮਨੀ-ਪਲਾਂਟ ਦੇ ਨਾਲ ਨਾਲ ਮੈਂ ਓਹ ਵੀ ਚੁਣਿਆ ਵਾ,
ਕਹਿੰਦੇ ਸੱਪ ਦਾ ਤਿਓਹ ਤਾਂ ਦੁੱਧ ਤੋ ਵੱਧ ਪੈਸੇ 'ਚ ਰਹਿੰਦਾ
ਤਾਂ ਹੀ ਤਾ ਚੰਦਰਾ ਮਾਇਆ ਉੱਤੇ ਕੁੰਡਲ ਮਾਰ ਕੇ ਬਹਿਦਾ,
ਹੁਣ ਸੱਪ ਨੂੰ ਪੈਸਿਆਂ ਦੇ ਕੋਲ ਰੱਖਣ ਦਾ ਕੰਮ ਤਾਂ ਔਖਾ....
ਫੇਰ ਕਿਉਂ ਨਾ ਚੰਦਰੇ ਦੀ ਕੰਜ ਰੱਖ ਕੇ ਸਾਂਭੀਏ ਮੌਕਾ,
ਇਹਨਾ ਬਹਿਮਾ-ਭਰਮਾਂ ਦੀ ਵੀ ਕਿਹੜਾ ਕੋਈ ਹੱਦ ਹੁੰਦੀ ਆ
ਨਾਲੇ ਸੱਪ ਦਾ Best Subsitude ਤਾਂ ਓਹਦੀ ਕੰਜ ਹੀ ਹੁੰਦੀ ਆ,
ਹੁਣ ਮਨੀ-ਪਲਾਂਟ ਪਾਲਣ ਦੇ ਨਾਲ-ਨਾਲ ਕੰਮ ਇਹ ਵੀ Lucky ਆ
ਏਸੇ ਲਈ ਅੱਜ-ਕੱਲ 4 'ਕੁ ਪੈਸਿਆਂ 'ਚ ਮੈਂ ਸੱਪ ਦੀ ਕੰਜ ਵੀ ਰੱਖੀ ਆ |

ਬੇਬੇ ਕਹਿੰਦੀ ਹੁੰਦੀ ਸੀ
ਜੇ ਕਿਸੇ ਦੀ ਨਜ਼ਰ ਤੋਂ ਬਚਣਾ ਤਾਂ ਇੱਕ ਗੱਲ ਯਾਦ ਰੱਖਿਓ
ਕਿਸੇ ਨਵੀਂ ਖਰੀਦੀ ਚੀਜ਼ ਜਾਂ ਘਰ ਵਿੱਚ ਸ਼ੁਆਰੇ ਜਰੂਰ ਰੱਖਿਓ,
ਹੁਣ ਜਿਹੜੇ ਸ਼ੁਆਰੇ ਲੋਕਾਂ ਦੀਆਂ ਨਜ਼ਰਾਂ ਨੂੰ ਡੱਕਣਗੇ
ਫੇਰ ਤਾਂ ਓਹ ਪੈਸੇ ਵਾਲਾ ਦੁੱਖ ਵੀ ਜਰੂਰ ਚੱਕਣਗੇ,
ਪੈਸਾ ਵੀ ਓਥੇ ਹੀ ਆਉਦਾ ਜਿੱਥੇ ਮੋਰ ਪੈਲ ਪਾਉਦੇ ਨੇ
ਇਹਨਾ ਦੇ ਖੰਬ ਵੀ ਕਹਿੰਦੇ ਪੈਸੇ ਨੂੰ ਦੂਣਾ ਵਧਾਉਦੇ ਨੇ,
ਫੇਰ ਕੀ ਸੀ....
ਲਿਆ-ਲਿਆ ਖੰਬ ਸਾਰੇ ਕਮਰੇ ਖੰਬਾਂ ਨਾਲ ਭਰਤੇ
ਨਾਲੇ ਬੇਬੇ ਨੂੰ ਯਾਦ ਕਰਕੇ
5 'ਕੁ ਸ਼ੁਆਰੇ ਵੀ ਪੈਸਿਆਂ ਕੋਲ ਧਰਤੇ |

ਸੁਣਿਆ ਉੱਲੂ ਜਿੱਥੇ ਬੈਠਣ ਉਜੜਾ ਹੀ ਭਾਲਦੇ ਨੇ
ਪਰ ਇਹਨਾਂ ਚੰਦਰਿਆ ਦੇ ਨਹੁੰ ਕਹਿੰਦੇ ਬੜੇ ਕੰਮ ਸਵਾਰਦੇ ਨੇ,
ਇੱਕ ਗੱਲ ਹੋਰ ਕੰਨੀ ਪਈ ਸੀ
ਕਿ ਲੋਕੀ ਤਾਂ 786 ਨੂੰ ਵੀ ਸ਼ੁੱਭ ਨਿਗਾਹ ਨਾਲ ਤੱਕਦੇ ਨੇ
ਤਾਂ ਹੀ ਤਾ ਏਸ ਨੰਬਰ ਦਿਆਂ ਨੋਟਾਂ ਨੂੰ ਓਹ ਸਾਂਭ-ਸਾਂਭ ਰੱਖਦੇ ਨੇ,
ਹੁਣ ਮਰਦਾ ਕੀ ਨਾ ਕਰਦਾ....
ਨਾਲੇ ਤਾਂ ਉੱਲੂ ਦਾ ਨਹੁੰ ਲਿਆ ਕੇ ਅਲਮਾਰੀ 'ਚ ਜੜਤਾ
ਨਾਲੇ 786 ਨੰਬਰ ਵਾਲਾ ਨੋਟ ਕਿਤੋਂ ਲੱਭਕੇ
ਜੋੜੇ 4 'ਕੁ ਪੈਸਿਆਂ 'ਚ ਧਰਤਾ |

ਅੱਗੇ ਕਿ ਦੱਸੀਏ ??
ਇਹਨਾਂ ਪੰਗਿਆਂ 'ਚ ਫਿਰਦੇ-ਫਿਰਦੇ ਨੇ ਪੈਸਾ ਵੀ ਸਾਰਾ ਗਵਾ ਲਿਆ
ਕਿਸੇ ਘੋੜੇ ਜਾਂ ਖੱਚਰ ਦੀ ਖੁਰੀ ਲੱਭਦੇ-ਲੱਭਦੇ ਨੇ
ਆਪਣਾ ਸਾਈਕਲ ਵੀ ਪੈਂਚਰ ਕਰਵਾ ਲਿਆ,
ਜਦੋਂ ਪੈਂਚਰ ਵਾਲੇ ਭਾਈ ਕੋਲ ਤਰਲਾ ਪਾਇਆ
ਆਹ ਸਾਰਾ ਵਾਕਾ ਓਹਨੂੰ ਸੁਣਾਇਆ
ਫੇਰ ਹਾਰਕੇ ਓਸ ਬਜੁਰਗ ਨੇ ਮੈਨੂੰ ਸਮਝਾਇਆ....
ਕਿ ਪੁੱਤ, ਜੇ ਭੇਲੀ ਫੁੱਟਦੀ ਆ
ਤਾਂ ਹੀ ਆਉਦਾ ਗੁੜ੍ਹ ਭੋਰਾ-ਭੋਰਾ
ਕਮਲਿਆ ਕਿਸੇ ਕਾਮੇ ਬੰਦੇ ਨੂੰ ਵੀ
ਹੁੰਦਾ ਕਿਤੇ ਪੈਸਿਆਂ ਦਾ ਥੋੜ੍ਹਾ ??
ਜੇ ਕੰਮ ਨੂੰ ਹੱਡ ਹਲਾਏਗਾ
ਤਾਂ ਹੀ 4 ਪੈਸੇ ਪਾਏਗਾ,
ਜੇ ਐਸ਼ ਨਾ ਕਰ ਸਕਿਆ
ਤਾਂ ਘੱਟੋ-ਘੱਟ ਰੋਟੀ ਤਾਂ ਰੱਜਵੀ ਖਾਏਗਾ |

ਸਿੱਟਾ: ਖੱਜਲ-ਖੁਆਰੀ ਨੂੰ ਛੱਡਕੇ ਹੋਰ ਕੁੱਝ ਨਾ ਪਿਆ ਪੱਲੇ
ਘੁੱਮ-ਘੁਮਾ ਕੇ ਆ ਗਈ ਖੋਤੀ ਓਸੇ ਬੋਹੜ ਦੇ ਥੱਲੇ |

No comments:

Post a Comment