ਇੱਕ ਥੋੜੇ ਕੋਲ ਮਾਸਟਰ ਜੀ ਸ਼ਕਾਇਤ ਲਾਉਣੀ
ਇਸ ਕੰਮ ਲਈ ਕਦੋਂ ਦੀ ਫਿਰਦੀ ਸੀ,
ਇਹ ਕਿੱਥੋਂ ਤੋਰਾਂ ਕਿੱਥੇ ਜਾ ਮੁੱਕੇ
ਇਸ ਗੱਲ ਦੀ ਹਿੰਮਤ ਨਹੀ ਮਿਲਦੀ ਸੀ,
ਨਿੱਤ ਜਮਾਤ ਵਿੱਚ ਛੇੜੇ ਮੈਨੂੰ ਇੱਕ ਮੁੰਡਾ
ਆ ਵੱਡੇ ਚੂੰਡਾ, ਜਮਾ ਲੱਗੇ ਗੁੰਡਾ,
ਓਹਦੀਆ ਅੱਖਾਂ ਨੂੰ ਦੇਖਕੇ ਭੈਅ ਆਉਦਾ
ਡੇਲਾ ਤਹਿ ਆਉਦਾ, ਲਾਲੀ ਲੈ ਆਉਦਾ,
ਬੜਾ ਵਰਜਿਆ ਮੈਂ ਸ਼ਕਾਇਤ ਤੇਰੀ ਕਰ ਦਊਗੀ
ਆਕੜ ਕੱਢ ਦਊਗੀ, ਥੱਪੜ ਧਰ ਦਊਗੀ,
ਪਰ ਜਿਹੜੇ ਕੰਜਰ ਤੇ ਢੀਠ ਉਹ ਕਿੱਥੋਂ ਮੰਨਣ
ਖਹਿ-ਖਹਿ ਲੰਘਣ, ਨਾ ਕਿਸੇ ਕੋਲੋਂ ਸੰਗਣ,
ਹੱਥ ਜੋੜਕੇ ਥੋਨੂੰ ਫਰਿਆਦ ਕਰਦੀ
ਇਸ ਮਾਮਲੇ ਨੂੰ ਜੜ੍ਹ ਤੋਂ ਵੱਡੋ ਛੇਤੀ,
ਮੇਰੀ ਰਾਤਾਂ ਦੀ ਨੀਂਦ ਹਰਾਮ ਕੀਤੀ
ਓਸ ਕੰਜਰ ਦੇ ਡੇਲਿਆ ਨੂੰ ਕੱਢੋ ਛੇਤੀ|
ਗੱਲ ਸੁਣ ਮਾਸਟਰ ਦੇ ਕੰਨ ਖੜੇ ਹੋਗੇ
ਬੈਠਾ ਕੁਰਸੀ ਤੇ ਸੈੱਟ ਜਿਹਾ ਹੋਣ ਲੱਗਾ,
ਗਾੜੂ ਬਾਤਾਂ ਦਾ ਭੁੱਖ ਮਿਟਾਉਣ ਦੇ ਲਈ
ਗੱਲਾਂ-ਗੱਲਾਂ ਵਿੱਚ ਕੁੜੀ ਨੂੰ ਟੋਹਣ ਲੱਗਾ,
ਕਹਿੰਦਾ!
ਆਈ ਮੇਰੇ ਕੋਲ ਨਾ ਜਮਾ ਘਬਰਾਅ ਗੁੱਡੀ
ਕੋਲ ਆ ਗੁੱਡੀ, ਗੱਲ ਸਮਝਾਅ ਗੁੱਡੀ,
ਬਿਨਾਂ ਸਮਝਿਆ ਨਾ ਮਸਲੇ ਦੀ ਜੜ੍ਹ ਲੱਭੇ
ਆਉਣ ਚੜੇ ਸੱਭੇ, ਲੋਕੀ ਬੜੇ ਕੱਬੇ,
ਘਰ ਮੁੰਡੇ ਦੇ ਕਿਵੇ ਮੈਂ ਦੇਊ ਉਲਾਭਾ
ਮਾਂ ਪਾਊ ਚਾਂਭਾ, ਕਿਵੇਂ ਬਾਤ ਸਾਂਭਾ,
ਸਾਰਾ ਹੋਊ ਜੇ ਗੱਲ ਦਾ ਗਿਆਨ ਪੱਲੇ
ਮੈਂ ਬੂਥੇ ਦੇਦੂ ਗੱਲੇ, ਢਾਉ ਕੱਲੇ-ਕੱਲੇ,
ਲੈਣਾ ਹੱਲ ਜੇ ਦੱਸਦੇ ਗੱਲ ਸਾਰੀ
ਤੇਰੇ ਹੱਕ ਵਿੱਚ ਫੈਸਲਾ ਸੁਣਾਵਾਗੇ,
ਜਿਹੜਾ ਰਾਂਝਾ ਖੁਦ ਨੂੰ ਕਹਾਉਣ ਲੱਗਾ
ਓਹਨੂੰ ਬੰਦੇ ਦਾ ਪੁੱਤ ਬਣਾਵਾਗੇ|
ਜਦੋਂ ਦੇਤੀ ਮਾਸਟਰ ਨੇ ਵੀ ਹੱਲਾ-ਸ਼ੇਰੀ
ਹੋਂਸਲਾ ਕੁੜੀ ਦਾ ਵੀ ਪਹਿਲਾਂ ਨਾਲੋਂ ਹੋਇਆ ਦੂਣਾ,
ਜਿਵੇਂ ਕਹਿੰਦੇ ਨੇ ਇਹਨਾਂ ਕੋਲ ਹਥਿਆਰ ਵੱਡਾ
ਮਿਰਗ ਅੱਖਾਂ 'ਚੋਂ ਕਰਤਾ ਸ਼ੁਰੂ ਰੋਣਾ,
ਕਹਿੰਦੀ!
ਪਹਿਲਾਂ ਰਸਤੇ ਦੇ ਵਿੱਚ ਹੀ ਘੇਰਦਾ ਸੀ
ਜਾਭਾ ਦੇਅੜਦਾ ਸੀ, ਨਾਲੇ ਛੇੜਦਾ ਸੀ,
ਕਿਹਾ ਕੁੱਝ ਨਾ ਏਸ ਨੇ ਅੱਤ ਚੁੱਕੀ
ਖੌਰੇ ਖਾਂਦਾ ਭੁੱਕੀ, ਸਭ ਨੂੰ ਸਮਝੇ ਦੁੱਕੀ,
ਹੁਣ ਜਮਾਤ 'ਚ ਵੀ ਸ਼ੁਰੂ ਕੀਤੀ ਛੇੜਖਾਨੀ
ਬਣੇ ਦਿਲਜਾਨੀ, ਕਰੇ ਮਨ-ਮਾਨੀ,
ਸਭ ਸੰਘੀ-ਸਾਥੀ ਮੈਨੂੰ ਖਿਝਾਉਣ ਲੱਗੇ
ਗਾਣੇ ਗਾਉਣ ਲੱਗੇ, ਰੌਲਾ ਪਾਉਣ ਲੱਗੇ,
ਮੈਨੂੰ ਦੱਸਦੀ ਨੂੰ ਵੀ ਸ਼ਰਮ ਆਵੇ
ਜੈ-ਵੱਡੇ ਦੀਆਂ ਕਾਲੀਆ ਕਰਤੂਤਾਂ ਨੂੰ,
ਮੈਂ ਸੁਣਿਆ ਸੀ ਰੱਬ ਨੇ ਤਾਂ ਬਣਾਇਆ ਬੰਦਾ
ਕੀਹਨੇ ਛੱਡਿਆ ਧਰਤੀ ਤੇ ਯਮਦੂਤਾਂ ਨੂੰ|
ਜਦੋਂ ਸੁਣੀ ਮਾਸਟਰ ਨੇ ਗੱਲ ਹਰਕਤਾਂ ਦੀ
ਓਹਨੂੰ ਲੱਗਿਆ ਕੁੜੀ ਹੁਣ ਖੁੱਲ ਚੱਲੀ,
ਕੀ ਗੱਲ ਕਹਿਣੀ, ਹੈ ਖੜੀ ਕਿੱਥੇ,
ਹੋਲੀ-ਹੋਲੀ ਇਹ ਵੀ ਹੁਣ ਭੁੱਲ ਚੱਲੀ,
ਕਹਿੰਦਾ!
ਮੁੰਡਾ ਮੈਨੂੰ ਵੀ ਨਾ ਓਹ ਸ਼ਰੀਫ਼ ਜਾਪੇ
ਓਹਦੇ ਕੰਜਰ ਮਾਪੇ, ਪੁਲਿਸ ਮਾਰੇ ਛਾਪੇ,
ਮੈਨੂੰ ਲਗਦਾ ਸੀ ਇੱਲਤ ਕੋਈ ਕਰੂ ਪੁੱਠੀ
ਕੱਲ ਰੇਹੜੀ ਲੁੱਟੀ, ਜਦੋਂ ਹੋਈ ਛੁੱਟੀ,
ਇਹ ਵੀ ਦੱਸਦੇ ਜੇ ਹਰਕਤ ਕੋਈ ਕੀਤੀ ਲੁੱਚੀ
ਤੇਰੀ ਸੋਚ ਉੱਚੀ, ਮੈਨੂੰ ਜਾਪੇ ਸੁੱਚੀ,
ਡਾਕਟਰ, ਵਕੀਲ ਤੇ ਗੁਰੂ ਕੋਲੋਂ ਕਾਹਦਾ ਓਹਲਾ
ਕਿੱਥੇ ਮਾਰੇ ਠੋਲਾ, ਦੱਸ ਪੋਲਾ-ਪੋਲਾ,
ਸਿਵਾਏ ਮੇਰੇ ਨਾ ਏਥੇ ਕੋਈ ਹੋਰ ਸੁਣੇ
ਹੋਈ ਊਚ-ਨੀਚ ਜੋ ਓਹ ਸਾਰੀ ਬੋਲ ਛੱਡੀ,
ਜੇ ਆਖੇ ਦਰਵਾਜ਼ਾ ਵੀ ਭੇੜ ਦਿੰਨਾ
ਭੇਦ ਪਰਦੇ ਵਾਲੇ ਵੀ ਹੁਣ ਫੋਲ ਛੱਡੀ|
ਮਾਸਟਰ ਹੋ ਉਤਾਵਲਾ ਇਹ ਵੀ ਭੁੱਲ ਬੈਠਾ
ਕਿਉਂ ਉਸਦੇ ਕੋਲ ਇਹ ਸ਼ਕਾਇਤ ਆਈ,
ਨਾ ਕੁੜੀ ਦੀ ਸੁਣੇ ਨਾ ਕੋਈ ਹੱਲ ਲੱਭੇ
ਸਿਰ ਤੇ ਠਰਕ ਭੋਰਨ ਦੀ ਬੱਸ ਧੁੰਦ ਛਾਈ,
ਕਹਿੰਦਾ!
ਮੈਂ ਤੈਨੂੰ ਦੋਸਤ ਮੰਨਾ ਫੇਰ ਸੰਗ ਕਿਹੜੀ
ਰੱਖੇ ਬੁੱਲ ਲੇਹੜੀ, ਜਾਵੇ ਅੱਖਾਂ ਭੇੜੀ,
ਆਜਾ ਨੇੜੇ ਮੇਰੇ ਗੱਲ ਕਿਉਂ ਨਾ ਸੁਣੇ
ਕਾਹਤੋਂ ਭਾਅਲੇ ਠੁਣੇ, ਜਾਵੇ ਦੂਰੀ ਬੁਣੇ,
ਰੋ-ਰੋ ਅੱਖਾਂ ਨੂੰ ਕਰੀ ਲਾਲ ਬੈਠੀ
ਚਲਾਈ ਖਾਲ ਬੈਠੀ, ਰੂਪ ਨੂੰ ਗਾਲ ਬੈਠੀ,
ਦੇਖ ਹੰਝੂਆ ਨੂੰ ਲੱਗੇ ਕੋਈ ਕਰਿਆ ਧੱਕਾ
ਕੰਮ ਹੋਇਆ ਪੱਕਾ, ਕੰਜਰ ਨੇ ਜੜਿਆ ਯੱਕਾ,
ਐਵੇਂ ਡੁਸਕ ਨਾ ਬਹਿਜਾ ਤੂੰ ਕੋਲ ਮੇਰੇ
ਲੈ ਬੁੱਕਲ 'ਚ ਤੈਨੂੰ ਵਰਾਵਾ ਨੀ,
ਪਾ ਪਿੱਲ ਜੋ ਸਮਝੇ ਵੱਡੀ ਮੱਲ ਮਾਰੀ
ਧਾਰਾ ਓਹਤੇ 376 ਲਵਾਮਾ ਨੀ|
ਦੇਖ ਲੱਛਣਾ ਨੂੰ ਕੁੜੀ ਵੀ ਸੋਚੀਂ ਪੈ ਗਈ
ਮਾਸਟਰ ਕਿਹੜੀਆ ਲੀਹਾਂ ਤੇ ਜਾ ਚੜਿਆ,
ਹੋਈ ਛੇੜਖਾਨੀ ਜਾਂਦਾ ਕਿੱਧਰ ਤੁਰੀ
ਕੋਜੀ ਗੱਲ ਦਾ ਪੱਲਾ ਏਹਨੇ ਠਾ ਫੜਿਆ,
ਕਹਿੰਦੀ!
ਮੈਨੂੰ ਲੱਗਦਾ ਤੇਰਾ ਵੀ ਪਿੰਡ 'ਚੱਕ' ਹੋਊ
ਜਮਾ ਪੱਕ ਹੋਊ, ਨਾ ਕਿਸੇ ਸ਼ੱਕ ਹੋਊ,
ਬੁਝਾਰਤਾਂ 'ਲਾਡੀ' ਵਾਗੂੰ ਜੋ ਪਾਈ ਜਾਨੈ
ਗੱਲ ਘੁਮਾਈ ਜਾਨੈ, ਸਿਰ ਖਾਈ ਜਾਨੈ,
ਮੈਂ ਸਭ ਜਾਣਾ ਜੋ ਤੂੰ ਭਾਲਦਾ ਏ
ਅੰਦਰ ਜਾਲਦਾ ਏ, ਸਮਾਂ ਗਾਲਦਾ ਏ,
ਚਿੱਤ ਕਰੇ ਮੈਂ ਤੇਰੇ ਉੱਤੇ ਫੇਰਾਂ ਜੁੱਤੀ
ਗੱਲ ਕਰੇ ਕੁੱਤੀ, ਤੇਰੀ ਅਕਲ ਸੁੱਤੀ,
ਲੱਗਦਾ ਮਾਸਟਰ ਮੈ ਐਨੀ ਲਿਹਾਜ ਕਰਦੀ
ਤੇਰੇ ਕੋਲ ਪੜ੍ਹਦੀ, ਤੇਰੀਆ ਤਾਂ ਜਰਦੀ,
ਮਿਲੂ ਰਾਹ ਕੋਈ ਤਾਂ ਤੇਰੇ ਕੋਲ ਆਈ
ਤੂੰ ਵੀ ਹਵਸ ਵਿੱਚ ਆ ਸਾਹ ਸੂਤੀ ਫਿਰਦਾ,
ਮਾਰ ਮੱਥੇ ਤੇ ਹੱਥ ਕੀ ਇੱਕ ਨੂੰ ਰੋਵਾਂ
ਇੱਥੇ ਸਾਰੇ ਦਾ ਸਾਰਾ ਆਵਾ ਊਤੀ ਫਿਰਦਾ|
najaredar v
ReplyDeleteਧੰਨਵਾਦ ਜੀ......
ReplyDelete