Thursday, October 21, 2010

ਮੇਰੇ ਪਿਆਰ ਦੀ ਅਜਬ ਕਹਾਣੀ......

ਚਮਕੀਲੀ ਜਈ, ਸ਼ਰਮੀਲੀ ਜਈ

ਜਿਵੇਂ ਜਾਤਾਂ ਵਿੱਚ ਕਬੀਲੀ ਜਈ,

ਥੋੜੀ ਉਲਝੀ ਜਈ, ਥੋੜੀ ਸੁਲਝੀ ਜਈ

ਜਿਵੇਂ ਪੱਕੀ ਡੋਰ ਦੀ ਗੁਲਝੀ ਜਈ,

ਇੱਕ ਹਉਂਕਾ ਜਈ, ਇੱਕ ਮੌਕਾ ਜਈ

ਕਿਸੇ ਗਰੀਬ ਲਈ ਉਹ ਪਟ-ਰਾਣੀ ਜਈ

ਮੇਰੇ ਪਿਆਰ ਦੀ ਅਜਬ ਕਹਾਣੀ ਜਈ,



ਉਹ ਆਉਂਦੀ ਸੀ, ਚਮਲਾਉਂਦੀ ਸੀ

ਨਾਲੇ ਬਾਤਾਂ ਬਹੁਤ ਸੁਣਾਉਂਦੀ ਸੀ,

ਫੜਾਅ ਕੰਨੀ ਗਜ਼ਲਾਂ ਗੀਤਾਂ ਦੀ

ਮੈਨੂੰ ਸੋਚਾਂ ਵਿੱਚ ਉਲਝਾਉਂਦੀ ਸੀ,

ਕੁਝ ਨਗਮੇ ਮੇਰੇ ਨਾਲ ਗਾਏ

ਜਿਵੇਂ ਧੀ ਆਖੇ ਸੁਣ ਹਾਲ ਮਾਏਂ

ਤੇਰੇ ਜਵਾਈ ਨਾ ਕਦਰ ਪਛਾਣੀ ਜਈ

ਮੇਰੇ ਪਿਆਰ ਦੀ ਅਜਬ ਕਹਾਣੀ ਜਈ,


ਇੱਕ ਪਲ ਵਰਗੀ, ਇੱਕ ਗੱਲ ਵਰਗੀ

ਉਹ ਸੱਜਣ ਠੱਗ ਦੇ ਛੱਲ ਵਰਗੀ,

ਜੁਲਫਾਂ ਨੂੰ ਜਾਲ ਬਣਾਉਦੀ ਸੀ

ਚੰਡੀ ਹੋਈ ਕਿਸੇ ਮੱਲ ਵਰਗੀ,

ਦਾਅ ਮੇਰੇ ਤੇ ਵੀ ਲਾਏ ਸੀ

ਜਿਵੇਂ ਮਾਂ ਨੇ ਲਾਲ ਗਵਾਏ ਸੀ

ਕਰ ਗਲਤੀ ਓਹੀ ਪੁਰਾਣੀ ਜਈ

ਮੇਰੇ ਪਿਆਰ ਦੀ ਅਜਬ ਕਹਾਣੀ ਜਈ,



ਨਾ ਨਾਵਾਂ ਸੀ, ਪਰਛਾਵਾਂ ਸੀ

ਮੇਰੇ ਦਿਲ ਵਿਚ ਓਹਨੂੰ ਦੁਆਵਾਂ ਸੀ,

ਉਹ ਕਦੇ-ਕਦੇ ਆ ਨਾਲ ਬਹਿੰਦੀ

ਕਦੇ ਲੱਗਦਾ ਜਿਵੇਂ ਛਲਾਵਾ ਸੀ,

ਖੌਰੇ ਕਿਸ ਰੂਹ ਦੀ ਜਾਈ ਸੀ

ਇੱਕ ਬਾਬੇ ਗੱਲ ਸੁਣਾਈ ਸੀ

ਆਵੇ ਸਮਝ ਨਾ ਧੀ-ਧਿਆਣੀ ਜਈ

ਮੇਰੇ ਪਿਆਰ ਦੀ ਅਜਬ ਕਹਾਣੀ ਜਈ,


ਇੱਕ ਸੁਪਨਾ ਸੀ, ਇੱਕ ਉਪਮਾਅ ਸੀ

ਕੀਤਾ ਗੁਨਾਹ ਕੋਈ ਜਿਵੇਂ ਲੁਕਮਾ ਸੀ,

ਆ ਖੁਆਬਾਂ ਵਿੱਚ ਜਤਾਉਂਦੀ ਸੀ

ਕਿਸੇ ਰਾਜੇ ਦਾ ਜਿਵੇਂ ਹੁਕਮਾ ਸੀ,

ਉਹ ਸੁਪਨੇ ਅੱਜ ਵੀ ਚਾਹੁੰਦਾ ਹਾਂ

ਓਹ ਨਗਮੇ ਅੱਜ ਵੀ ਗਾਉਂਦਾ ਹਾਂ

ਏਸੇ ਯਾਦ 'ਚ ਕਲਮ ਚਲਾਈ

ਜਿਵੇਂ ਜੱਟ ਕਰਦਾ ਹਲ੍ਹ-ਵਾਈ

ਲਾਏ ਫ਼ਸਲ ਨੂੰ ਪਹਿਲੇ ਪਾਣੀ ਜਈ

ਮੇਰੇ ਪਿਆਰ ਦੀ ਅਜਬ ਕਹਾਣੀ ਜਈ |

No comments:

Post a Comment